Hukamnama 01.01.2021
Hukamnama 01 01 2021
ਸਲੋਕ ਮ; ੫ ॥
ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥ ਸਤਿਗੁਰਿ ਦਿਤਾ ਹਰਿ ਨਾਮੁ ਅੰਮਿ੍ਰਤੁ ਚਖਿਆ ॥ ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥ ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥ ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥ ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥ ਮ; ੫ ॥ ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥ ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥ ਸਫਲੁ ਜਨਮੁ ਪਰਵਾਨੁ ਗੁਰਮੁਖਿਆਇਆ ॥ ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥ ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥ ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥ ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥ ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥ ਪਉੜੀ ॥ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥ ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥ ਮਥੇ ਵਾਲਿ ਪਛਾੜਿਅਨੁ ਜਮਮਾਰਗਿ ਮੁਤੇ ॥ ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥ ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥
ਪੰਜਾਬੀ ਵਿਆਖਿਆ:
ਸਲੋਕ ਮ: ੫॥
ਵਿਘਨਾਂ ਵਿਕਾਰਾਂ ਤੋਂ ਪਰਮੇਸਰ ਨੇ ਆਪ ਆਪਣੇ ਸੇਵਕ ਨੂੰ ਸਦਾ ਹੀ ਬਚਾਇਆ ਹੈ, ਜਿਸ ਸੇਵਕ ਦੀ ਪ੍ਰਭੂ ਨੇ ਰੱਖਿਆ ਕੀਤੀ ਹੈ, ਉਸ ਨੂੰ ਸਤਿਗੁਰੂ ਨੇ ਪ੍ਰਭੂ ਦਾ ਨਾਮ ਦਿਤਾ ਹੈ, ਉਸ ਸੇਵਕ ਨੇ ਨਾਮ-ਅੰਮ੍ਰਿਤ ਚੱਖਿਆ ਹੈ, ਉਸ ਨੂੰ ਅਮੋਲਕ ਸਤ-ਸੰਗ ਮਿਲਿਆ ਹੈ, ਜਿਥੇ ਹਰ ਵੇਲੇ ਉਹ ਸੇਵਕ ਹਰੀ ਦੇ ਗੁਣ ਚੇਤੇ ਕਰਦਾ ਹੈ, ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ । ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ ਉਹ ਜੂਨਾਂ ਵਿਚ ਨਹੀਂ ਭਟਕਦਾ । ਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿੱਚ ਹੈ, ਜੋ ਉਹੀ ਆਪ ਆਪਣੇ ਲਈ ਸਿਮਰਨ ਦਾ ਵਸੀਲਾ ਪੈਦਾ ਕਰਦਾ ਹੈ । ਨਾਨਕ ਭੀ, ਉਸੇ ਦੇ ਦਰ ਤੋਂ ਦਾਨ ਮੰਗਦਾ ਹੈ ਕਿ ਨਾਨਕ ਭੀ ਸੰਤਾਂ ਦੀ ਚਰਨ-ਧੂੜ ਲੈ ਕੇ ਭਾਵ, ਸਾਧ ਸੰਗਤਿ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏ ।੧।ਹੇ ਭਾਈ! ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵੱਸਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਜਿਸ ਮਨੁੱਖ ਨੇ ਖਸਮ ਪ੍ਰਭੂ ਨੂੰ ਸਿਮਰਿਆ ਹੈ, ਉਸ ਨੇ ਸੁਖ ਪਾਇਆ ਹੈ, ਉਸ ਗੁਰਮੁਖਿ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਉਸ ਦੀ
ਜ਼ਿੰਦਗੀ ਕਾਮਯਾਬ ਹੋ ਗਈ ਹੈ, ਖਸਮ ਪ੍ਰਭੂ ਨੇ ਜੋ ਹੁਕਮ ਦਿੱਤਾ, ਉਸ ਹੁਕਮ ਨੂੰ ਸਮਝ ਕੇ ਉਹ ਗੁਰਮੁਖਿ ਸਦਾ ਖਿੜਿਆ ਰਹਿੰਦਾ ਹੈ। ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਬਾਨ ਹੋਇਆ ਹੈ ਉਹ ਭਟਕਣਾ ਵਿਚ ਨਹੀਂ ਪੈਂਦਾ, ਖਸਮ ਪ੍ਰਭੂ ਨੇ ਜੋ ਕੁਝ ਉਸ ਨੂੰ ਦਿੱਤਾ ਹੈ, ਉਹ ਉਸ ਨੂੰ ਸੁਖ ਹੀ ਪ੍ਰਤੀਤ ਹੋਇਆ ਹੈ । ਹੇ ਨਾਨਕ ! ਜਿਸ ਮਨੁੱਖ ਤੇ ਮਿੱਤਰ ਪ੍ਰਭੂ ਮੇਹਰਵਾਨ ਹੁੰਦਾ ਹੈ ਉਸ ਨੂੰ ਆਪਣੇ ਹੁਕਮ ਦੀ ਸੂਝ ਬਖ਼ਸ਼ਦਾ ਹੈ, ਪਰ, ਜਿਸ ਜਿਸ ਜੀਵ ਨੂੰ ਭੁੱਲ ਵਿਚ ਪਾਉਂਦਾ ਹੈ ਉਹ ਨਿੱਤ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ।੨। ਜੋ ਮਨੁੱਖ ਗੁਰਮੁਖਾਂ ਦੀ ਨਿੰਦਿਆ ਕਰਦੇ ਹਨ ਉਹ ਤਾਂ ਪ੍ਰਭੂ ਨੇ ਮਾਨੋਂ ਉਸੇ ਵੇਲੇ ਹੀ ਮਾਰ ਦਿਤੇ, ਕਿਉਂਕਿ ਨਿੰਦਾ ਦੇ ਕਾਰਨ ਪ੍ਰਭੂ ਨੇ ਉਹਨਾਂ ਦੇ ਮਨ ਨੂੰ ਇਕ ਪਲਕ ਭਰ ਭੀ ਸ਼ਾਂਤੀ ਨਹੀਂ ਕਰਨ ਦਿਤੀ, ਪ੍ਰਭੂ ਜੀ ਆਪਣੇ ਦਾਸਾਂ ਦਾ ਦੁੱਖ ਸਹਾਰ ਨਹੀਂ ਸਕਦੇ ਭਾਵ ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਨੂੰ ਕੋਈ ਦੁੱਖ ਵਿਕਾਰ ਨਹੀਂ ਪੌਹਦਾ, ਪਰ ਨਿੰਦਕਾਂ ਨੂੰ ਪ੍ਰਭੂ ਨੇ ਜੂਨ ਵਿਚ ਪਾ ਦਿਤਾ ਹੈ, ਨਿੰਦਕਾਂ ਨੂੰ ਮਾਨੋ, ਉਸ ਨੇ ਕੇਸਾਂ ਤੋਂ ਫੜ ਕੇ ਭੂਞੇ ਪਟਕਾ ਮਾਰਿਆ ਹੈ ਤੇ ਜਮ ਦੇ ਰਾਹ ਤੇ ਨਿਖਸਮੇ ਛੱਡ ਦਿਤਾ ਹੈ, ਇਸ ਤਰ੍ਹਾਂ ਦੁੱਖ ਲਗਣ ਕਰਕੇ ਉਹ ਵਿਲਕਦੇ ਹਨ ਤੇ ਮਾਨੋ ਘੋਰ ਨਰਕ ਵਿਚ ਜਾ ਪੈਂਦੇ ਹਨ। ਪਰ ਹੇ ਨਾਨਕ ! ਸੱਚੇ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਵਿਕਾਰਾਂ ਦੁੱਖਾਂ ਤੋਂ ਮਾਨੌਂ ਗਲ ਲਾ ਕੇ ਬਚਾ ਲਿਆ ਹੈ ।੨੦॥