Punjabi Daily Hukamnama Today 13th October 2019

ਆਸਾ ਮਹਲਾ ੫ ॥ ਸਲੋਕੁ ॥

ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥ ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥ ਛੰਤ ॥ ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥ ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥ ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ ਦਇਆ ॥ ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥ ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥ ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥ ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥ ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥ ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥ ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥ ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥ ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥੨॥ ਭਰਮੇ ਜਨਮ ਅਨੇਕ ਸੰਕਟ ਮਹਾ ਜੋਨ ॥ ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥ ਭ੍ਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸਹ ਧਾਇਓ ॥ ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾਇਓ ॥ ਰਾਖਨਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨ ਹੋਆ ਹੋਨ ॥ ਸੂਖ ਸਹਜ ਆਨੰਦ ਨਾਨਕ ਕ੍ਰਿਪਾ ਤੇਰੀ ਤਰੈ ਭਉਨ ॥੩॥ ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥ ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥ ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥ ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥ ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥ ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥

 

ਆਸਾ ਮਹਲਾ ੫ ॥ ਸਲੋਕੁ ॥

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ (ਆਤਮਕ ਮੌਤ ਨੇੜੇ ਨਹੀ ਆ ਸਕਦੀ)। ਹੇ ਨਾਨਕ! ਸਿਮਰਨ ਦੀ ਬਰਕਤਿ ਨਾਲ ਮਨ ਸੁਖੀ ਹੋ ਜਾਂਦਾ ਹੈ, ਤੇ ਆਖ਼ਰ ਪਰਮਾਤਮਾ ਭੀ ਮਿਲ ਪੈਂਦਾ ਹੈ।੧। ਛੰਤ। ਹੇ ਹਰੀ! ਮੈਂ ਦੋਵੇ ਹੱਥ ਜੋੜ ਕੇ ਤੇਰੇ ਦਰ ਤੇ ਅਰਦਾਸ ਕਰਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼। ਮੈਨੂੰ ਵਿਕਾਰਾਂ ਤੋਂ ਬਚਾਈ ਰੱਖ ਮੇਹਰ ਕਰ ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ। ਹੇ ਹਰੀ! ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ। ਜੇ ਤੂੰ ਮੇਹਰ ਕਰੇਂ ਤਾਂ ਮੈਂ ਤੇਰੇ ਚਰਨੀਂ ਲੱਗਾ ਰਹਾਂ, ਅਤੇ ਆਪਣੇ ਅੰਦਰੋਂ ਅਹੰਕਾਰ ਤਿਆਗ ਦਿਆ। ਹੇ ਤਰਸ-ਸਰੂਪ ਪ੍ਰਭੂ! ਮੇਰੇ ਉਤੇ ਮੇਹਰ ਕਰ, ਮੈਂ ਤੇਰੀ ਸ਼ਰਨ ਪਿਆ ਰਹਾਂ, ਤੇ ਤੇਰਾ ਆਸਰਾ ਛੱਡ ਕੇ ਕਿਸੇ ਪਾਸੇ ਨਾਹ ਦੌੜਾਂ। ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਹੇ ਪਵਿਤ੍ਰ-ਸਰੂਪ ਸੁਆਮੀ! ਮੇਰੀ ਇਹ ਅਰਦਾਸ ਸੁਣ। ਤੇਰਾ ਦਾਸ ਨਾਨਕ ਤੈਥੋਂ ਇਹ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ।੧। ਹੇ ਪ੍ਰਭੂ! ਮੈਂ ਗੁਨਾਹਗਾਰ ਹਾਂ, ਅਕਲੋਂ ਸੱਖਣਾ ਹਾਂ, ਗੁਣ-ਹੀਨ ਹਾਂ, ਨਿਆਸਰਾ ਹਾਂ, ਮੰਦੇ ਸੁਭਾਵ ਵਾਲਾ ਹਾਂ। ਹੇ ਪ੍ਰਭੂ! ਮੈਂ ਵਿਕਾਰੀ ਹਾਂ, ਬੇ-ਤਰਸ ਹਾਂ, ਨੀਵੀਂ ਕੁਲ ਵਾਲਾ ਹਾਂ, ਮੋਹ ਦਾ ਚਿੱਕੜ ਮੇਰੇ ਉਤੇ ਆਪਣਾ ਦਬਾਉ ਪਾ ਰਿਹਾ ਹੈ। ਹੇ ਪ੍ਰਭੂ! ਭਟਕਣਾ ਵਿਚ ਪੈਣ ਵਾਲੇ ਕਰਮਾਂ ਦੀ ਮੈਲ ਮੈਨੂੰ ਲੱਗੀ ਹੋਈ ਹੈ, ਮੇਰੇ ਅੰਦਰ ਅਹੰਕਾਰ ਹੈ, ਮਮਤਾ ਹੈ, ਇਸ ਵਾਸਤੇ ਮੌਤ ਮੈਨੂੰ ਚੇਤੇ ਨਹੀਂ ਆਉਂਦੀ।ਮੈਂ ਇਸਤ੍ਰੀ ਦੇ ਚੋਜ-ਤਮਾਸ਼ਿਆਂ ਵਿਚ ਮਾਇਆ ਦੇ ਮੌਜ-ਮੇਲਿਆਂ ਵਿਚ ਗ਼ਰਕ ਹਾਂ, ਮੈਨੂੰ ਅਗਿਆਨਤਾ ਚੰਬੜੀ ਹੋਈ ਹੈ। ਹੇ ਪ੍ਰਭ! ਮੇਰੀ ਜਵਾਨੀ ਢਲ ਰਹੀ ਹੈ, ਬੁਢੇਪਾ ਵਧ ਰਿਹਾ ਹੈ, ਮੌਤ ਮੇਰੇ ਨਾਲ ਮੇਰੀ ਜ਼ਿੰਦਗੀ ਦੇ ਦਿਨ ਤੱਕ ਰਹੀ ਹੈ। ਤੇਰਾ ਦਾਸ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ, ਮੈਨੂੰ ਤੇਰੀ ਹੀ ਆਸ ਹੈ, ਮੈਨੂੰ ਨੀਚ ਨੂੰ ਗੁਰੂ ਦੀ ਸ਼ਰਨ ਰੱਖ।੨। ਹੇ ਪ੍ਰਭੂ! ਹੇ ਮੁਰਾਰੀ! ਮੈਂ ਅਨੇਕਾਂ ਜਨਮਾਂ ਵਿਚ ਭਟਕਿਆ ਹਾਂ, ਮੈਂ ਕਈ ਜੂਨਾਂ ਦੇ ਵਡੇ ਦੁੱਖ ਸਹਾਰੇ ਹਨ। ਧਨ ਤੇ ਪਦਾਰਥਾਂ ਦੇ ਭੋਗ ਮੈਨੂੰ ਮਿੱਠੇ ਲੱਗ ਰਹੇ ਹਨ, ਮੈਂ ਇਹਨਾਂ ਨਾਲ ਹੀ ਚੰਬੜਿਆ ਰਹਿੰਦਾ ਹਾਂ। ਅਨੇਕਾਂ ਪਾਪਾਂ ਦਾ ਭਾਰ ਚੁੱਕ ਕੇ ਮੈਂ ਭਟਕਦਾ ਆ ਰਿਹਾ ਹਾਂ, ਅਨੇਕਾਂ ਪਰਦੇਸਾਂ ਵਿਚ ਜੂਨਾਂ ਵਿਚ ਦੌੜ ਚੁਕਿਆ ਹਾਂ ਦੁੱਖ ਹੀ ਦੁੱਖ ਵੇਖੇ ਹਨ। ਹੁਣ ਮੈਂ ਤੇਰਾ ਪੱਲਾ ਫੜਿਆ ਹੈ, ਤੇ, ਹੇ ਹਰੀ! ਤੇਰੇ ਨਾਮ ਵਿਚ ਮੈਨੂੰ ਸਾਰੇ ਸੁਖ ਮਿਲ ਗਏ ਹਨ। ਹੇ ਰੱਖਿਆ ਕਰਨ ਦੇ ਸਮਰਥ ਪਿਆਰੇ ਪ੍ਰਭੂ! ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਥੋਂ ਹੁਣ ਤਕ ਕੁਝ ਨਹੀਂ ਹੋ ਸਕਿਆ, ਅਗਾਂਹ ਨੂੰ ਭੀ ਕੁਝ ਨਹੀਂ ਹੋ ਸਕੇਗਾ। ਹੇ ਨਾਨਕ! (ਆਖ-ਹੇ ਪ੍ਰਭੂ!) ਜਿਸ ਮਨੁੱਖ ਉਤੇ ਤੇਰੀ ਕਿਰਪਾ ਹੋ ਜਾਂਦੀ ਹੈ, ਉਸ ਨੂੰ ਆਤਮਕ ਅਡੋਲਤਾ ਤੇ ਸੁਖ ਆਨੰਦ ਪ੍ਰਾਪਤ ਹੋ ਜਾਂਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।੩। ਹੇ ਭਾਈ! ਪਰਮਾਤਮਾ ਨੇ ਤਾਂ ਉਹ ਬੰਦੇ ਭੀ ਵਿਕਾਰਾਂ ਤੋਂ ਬਚਾ ਲਏ ਜਿੰਨ@ਾਂ ਨੇ ਸਿਰਫ਼ ਆਪਣਾ ਨਾਮ ਹੀ ਭਗਤ ਰਖਾਇਆ ਹੋਇਆ ਸੀ। ਸੱਚੇ ਭਗਤਾਂ ਨੂੰ ਤਾਂ ਸੰਸਾਰ-ਸਮੁੰਦਰ ਦਾ ਕੋਈ ਸਹਮ ਨਹੀਂ ਰਹਿ ਸਕਦਾ। ਸੋ, ਹੇ ਭਾਈ! ਜਿਸ ਤਰ੍ਹਾਂ ਭੀ ਹੋ ਸਕੇ ਆਪਣੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ ਸਾਲਾਹ ਸੁਣਦੇ ਰਿਹਾ ਕਰੋ। ਹੇ ਗਿਆਨਵਾਨ ਬੰਦੇ! ਆਪਣੇ ਕੰਨਾਂ ਨਾਲ ਤੂੰ ਪ੍ਰਭੂ ਦੀ ਸਿਫ਼ਤਿ ਸਾਲਾਹ ਦੀ ਬਾਣੀ ਸੁਣ ਇਸ ਤਰ ਤੂੰ ਮਨ ਵਿਚ ਨਾਮ-ਖਜ਼ਾਨਾ ਲੱਭ ਲਏਂਗਾ। ਹੇ ਭਾਈ! ਭਾਗਾਂ ਵਾਲੇ ਹਨ ਉਹ ਮਨੁੱਖ ਜੇਹੜੇ ਸਿਰਜਣਹਾਰ ਹਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਉਸ ਦੇ ਗੁਣ ਗਾਉਂਦੇ ਹਨ। ਹੇ ਭਾਈ! ਹੇ ਸਾਰੀ ਧਰਤੀ ਕਾਗ਼ਜ਼ ਬਣ ਜਾਏ, ਜੇ ਸਾਰੀ ਬਨਾਸਪਤੀ ਕਲਮ ਬਣ ਜਾਏ, ਤੇ ਜੇ ਹਵਾ ਲਿਖਣ ਵਾਸਤੇ ਲਿਖਾਰੀ ਬਣ ਜਾਏ, ਤਾਂ ਭੀ ਬੇਅੰਤ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੇ ਨਾਨਕ! ਆਖ- ਮੈਂ ਉਸ ਪਰਮਾਤਮਾ ਦੇ ਚਰਨਾਂ ਦਾ ਆਸਰਾ ਲਿਆ ਹੈ।੪।੫।੮।