Punjabi Daily Hukamnama Today 9th October 2019

ਅੱਜ ਦਾ ਹੁਕਮਨਾਮਾ 09 10 2019

 

ਸਲੋਕ ਮ; ੩ ॥

ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ ॥੧॥ ਮ; ੩ ॥ ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥ ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥ ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥ ਤਿਸ ਨੋ ਰੂਪੁ ਅਤਿ ਅਗਲਾ ਜਿਸੁ ਹਰਿ ਨਾਲਿ ਪਿਆਰੁ ॥ ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥ ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥ ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥ ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥ ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥ ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥੨॥ ਮ; ੩ ॥ ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥ ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥ ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥ ਤਿਨ ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥ ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥ ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥ ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੩॥ ਪਉੜੀ ॥ ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥ ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ ॥ ਸਦਾ ਸਦਾ ਹਰਿ ਧਿਆਈਐ ਗੁਰਮੁਖਿ ਸੁਖੁ ਪਾਵਹਿ ॥ ਨਿਜ ਘਰਿ ਵਾਸਾ ਪਾਈਐ ਸਚਿ ਸਿਫਤਿ ਸਮਾਵਹਿ ॥ ਸਚਾ ਗਹਿਰ ਗੰਭੀਰੁ ਹੈ ਗੁਰ ਸਬਦਿ ਬੁਝਾਈ ॥੮॥

ਸਲੋਕ ਮ; ੩ ॥

ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (-ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿਚ ਲਾਲਚ ਦਾ ਲਹੂ ਨਹੀਂ ਹੁੰਦਾ ।ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ ਦੀ ਰੁੱਤ ਨਿਕਲ ਜਾਂਦੀ ਹੈ । ਜਿਵੇਂ ਅੱਗ ਵਿਚ (ਪਾਇਆਂ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ ਦੀ ਮੈਲ ਨੂੰ ਕੱਟ ਦੇਂਦਾ ਹੈ । ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਪ੍ਰੇਮ ਜੋੜ ਕੇ (ਉਸ ਦੇ ਪ੍ਰੇਮ ਵਿਚ) ਰੰਗੇ ਹੋਏ ਹਨ ।੧। ਰਾਮਕਲੀ (ਰਾਗਨੀ) ਦੀ ਰਾਹੀਂ ਜੇ ਰਾਮ (ਜੀਵ-ਇਸਤ੍ਰੀ) ਦੇ ਮਨ ਵਿਚ ਵੱਸ ਪਏ ਤਾਂ ਹੀ ਉਸ ਦਾ (ਪ੍ਰਭੂ-ਪਤੀ ਨੂੰ ਮਿਲਣ ਲਈ ਕੀਤਾ ਹੋਇਆ ਉੱਦਮ ਰੂਪ) ਸਿੰਗਾਰ ਸਫਲਾ ਹੈ । ਜੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦਾ ਕਮਲ ਖਿੜ ਪਏ ਤਾਂ ਹੀ ਭਗਤੀ ਦਾ ਖ਼ਜ਼ਾਨਾ ਮਿਲਦਾ ਹੈ । ਜੇ (ਗੁਰ-ਸ਼ਬਦ ਦੀ ਰਾਹੀਂ) ਮਨ ਦੀ ਭਟਕਣਾ ਦੂਰ ਹੋ ਜਾਏ ਤਾਂ ਹੀ ਮਨ ਜਾਗਿਆ (ਸਮਝੋ, ਕਿਉਂਕਿ) ਅਗਿਆਨ ਦਾ ਹਨੇਰਾ ਮੁੱਕ ਜਾਂਦਾ ਹੈ । ਜਿਸ (ਜੀਵ-ਇਸਤ੍ਰੀ ਦਾ ਪ੍ਰਭੂ (-ਪਤੀ) ਨਾਲ ਪਿਆਰ ਬਣ ਜਾਂਦਾ ਹੈ ਉਸ (ਦੀ ਆਤਮਾ) ਨੂੰ ਬਹੁਤ ਸੋਹਣਾ ਰੂਪ ਚੜ੍ਹਦਾ ਹੈ, ਉਹ ਸੋਭਾਵੰਤੀ (ਜੀਵ-) ਇਸਤ੍ਰੀ ਸਦਾ ਆਪਣੇ (ਪ੍ਰਭੂ-) ਪਤੀ ਨੂੰ ਸਿਮਰਦੀ ਹੈ । ਮਨ ਦੇ ਪਿੱਛੇ ਤੁਰਨ ਵਾਲੀਆਂ (ਜੀਵ-ਇਸਤ੍ਰੀਆਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਲਾ) ਸਿੰਗਾਰ ਕਰਨਾ ਨਹੀਂ ਜਾਣਦੀਆਂ; ਉਹ ਸਾਰਾ (ਮਨੁੱਖ-) ਜਨਮ ਹਾਰ ਕੇ ਜਾਣਗੀਆਂ; ਪ੍ਰਭੂ (-ਪਤੀ) ਦੀ ਭਗਤੀ ਤੋਂ ਬਿਨਾ (ਹੋਰ ਕਰਮ ਧਰਮ ਆਦਿਕ) ਸਿੰਗਾਰ ਜੋ (ਜੀਵ-ਇਸਤ੍ਰੀਆਂ) ਕਰਦੀਆਂ ਹਨ ਉਹ ਨਿੱਤ ਖ਼ੁਆਰ ਹੋ ਕੇ ਜੰਮਦੀਆਂ ਹਨ (ਭਾਵ, ਜਨਮ ਮਰਨ ਦੇ ਗੇੜ ਵਿਚ ਪੈਂਦੀਆਂ ਹਨ ਤੇ ਦੁਖੀ ਰਹਿੰਦੀਆਂ ਹਨ); ਨਾਹ ਤਾਂ ਉਹਨਾਂ ਨੂੰ ਇਸ ਲੋਕ ਵਿਚ ਸੋਭਾ ਮਿਲਦੀ ਹੈ ਤੇ ਪਰਲੋਕ ਵਿਚ ਜੋ ਉਹਨਾਂ ਨਾਲ ਵਰਤਦੀ ਹੈ ਉਹ ਪ੍ਰਭੂ ਹੀ ਜਾਣਦਾ ਹੈ । ਹੇ ਨਾਨਕ! (ਜਨਮ ਮਰਨ ਤੋਂ ਰਹਿਤ) ਸਦਾ ਕਾਇਮ ਰਹਿਣ ਵਾਲਾ ਇਕ ਪਰਮਾਤਮਾ ਹੀ ਹੈ, ਸੰਸਾਰ (ਭਾਵ, ਦੁਨੀਆਦਾਰ) ਜਨਮ ਮਰਨ (ਦੇ ਚੱਕਰ) ਵਿਚ ਹੈ । ਚੰਗੇ ਕੰਮ ਵਿਚ ਤੇ ਮੰਦੇ ਕੰਮ ਵਿਚ (ਜੀਵ) ਪ੍ਰਭੂ ਨੇ ਆਪ ਹੀ ਲਾਏ ਹੋਏ ਹਨ, ਜੋ ਕੁਝ ਕਰਤਾਰ (ਉਹਨਾਂ ਪਾਸੋਂ) ਕਰਾਂਦਾ ਹੈ ਉਹੀ ਉਹ ਕਰਦੇ ਹਨ ।੨। ਸਤਿਗੁਰੂ ਦੇ ਹੁਕਮ ਵਿਚ ਤੁਰਨ ਤੋਂ ਬਿਨਾ (ਮਨ ਵਿਚ) ਸ਼ਾਂਤੀ ਨਹੀਂ ਆਉਂਦੀ (ਤੇ ਇਸ ਸ਼ਾਂਤੀ ਵਾਸਤੇ ਗੁਰੂ ਤੋਂ ਬਿਨਾ) ਕੋਈ (ਹੋਰ) ਥਾਂ ਨਹੀਂ; ਭਾਵੇਂ ਕਿਤਨੀ ਤਾਂਘ ਕਰੀਏ, ਭਾਗਾਂ ਤੋਂ ਬਿਨਾ (ਗੁਰੂ) ਮਿਲਦਾ ਭੀ ਨਹੀਂ (ਕਿਉਂਕਿ ਜਿਤਨਾ ਚਿਰ ਮਨੁੱਖ ਦੇ) ਅੰਦਰ ਲੋਭ-ਰੂਪ ਵਿਕਾਰ ਹੈ (ਉਤਨਾ ਚਿਰ ਉਹ ਪ੍ਰਭੂ ਨੂੰ ਛੱਡ ਕੇ) ਹੋਰ ਦੇ ਪਿਆਰ ਵਿਚ ਖੁੰਝਿਆ ਫਿਰਦਾ ਹੈ, ਜਿਨ੍ਹਾਂ ਦਾ ਇਹ ਹਾਲ ਹੈ) ਉਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕਦਾ, ਉਹਨਾਂ ਨੂੰ ਹਉਮੈ ਵਿਚ (ਗ੍ਰਸਿਆਂ ਨੂੰ) ਦੁੱਖ ਮਿਲਦਾ ਹੈ । ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨਾਲ ਮਨ ਲਾਇਆ ਹੈ ਉਹਨਾਂ ਵਿਚੋਂ ਕੋਈ ਭੀ (ਪਿਆਰ ਤੋਂ) ਸੁੰਞੇ ਹਿਰਦੇ ਵਾਲਾ ਨਹੀਂ ਹੈ; ਉਹਨਾਂ ਨੂੰ ਜਮ ਦਾ ਸੱਦਾ ਨਹੀਂ ਆਉਂਦਾ (ਭਾਵ, ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ) ਨਾਹ ਹੀ ਉਹ ਕਿਸੇ ਤਰ੍ਹਾਂ ਦੁਖੀ ਹੁੰਦੇ ਹਨ । ਹੇ ਨਾਨਕ! ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ (“ਜਮ ਦੀ ਤਲਬ” ਤੋਂ) ਬਚੇ ਹੋਏ ਹਨ (ਕਿਉਂਕਿ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ ।੩। (ਪਰਮਾਤਮਾ) ਆਪ (ਮਾਇਆ ਦੇ ਪ੍ਰਭਾਵ ਤੋਂ) ਨਿਰਾਲਾ ਰਹਿੰਦਾ ਹੈ, ਹੋਰ ਸਾਰੇ ਜੀਵ (ਮਾਇਆ ਦੇ) ਝੰਬੇਲੇ ਵਿਚ ਭਟਕ ਰਹੇ ਹਨ । ਪ੍ਰਭੂ ਆਪ ਸਦਾ-ਥਿਰ ਤੇ ਅਟੱਲ ਹੈ, ਹੋਰ ਜੀਵ ਜੰਮਦੇ ਮਰਦੇ ਰਹਿੰਦੇ ਹਨ, (ਐਸੇ ਪ੍ਰਭੂ ਨੂੰ) ਸਦਾ ਸਿਮਰਨਾ ਚਾਹੀਦਾ ਹੈ । (ਜੋ) ਗੁਰੂ ਦੇ ਹੁਕਮ ਵਿਚ ਤੁਰ ਕੇ (ਸਿਮਰਦੇ ਹਨ ਉਹ) ਸੁਖ ਪਾਂਦੇ ਹਨ (ਗੁਰੂ ਦੀ ਰਾਹੀਂ ਪ੍ਰਭੂ ਨੂੰ ਸਿਮਰ ਕੇ) ਆਪਣੇ ਅਸਲ ਘਰ ਵਿਚ ਥਾਂ ਮਿਲਦੀ ਹੈ, ਸਿਫ਼ਤਿ-ਸਾਲਾਹ ਦੀ ਰਾਹੀਂ (ਗੁਰਮੁਖਿ) ਸੱਚੇ ਪ੍ਰਭੂ ਵਿਚ ਲੀਨ ਰਹਿੰਦੇ ਹਨ । ਪ੍ਰਭੂ ਸਦਾ ਕਾਇਮ ਰਹਿਣ ਵਾਲਾ ਤੇ ਅਥਾਹ ਹੈ (ਇਹ ਗੱਲ ਉਹ ਆਪ ਹੀ) ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਮਝਾਂਦਾ ਹੈ ।੮।